22/01/2026
੪. ਪਾਲਿਤ ਪੁੱਤਰ ਬਾਬਾ ਪੰਜਾਬ ਸਿੰਘ
ਦਸਮ ਪਾਤਸ਼ਾਹ ਦੇ ਚੌਥੇ ਪਾਲਿਤ ਪੁੱਤਰ ਦਾ ਨਾਂ ਪੰਜਾਬ ਸਿੰਘ ਸੀ। ਉਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਦਸਮ ਪਾਤਸ਼ਾਹ ਦੇ ਪਾਲਿਤ ਪੁੱਤਰਾਂ ਬਾਰੇ ਪਹਿਲੀ ਦੱਸ ਉਨ੍ਹੀਵੀਂ ਸਦੀ ਦੇ ਪ੍ਰਸਿੱਧ ਨਿਰਾਲੇ ਵਿਦਵਾਨ ਪੰਡਤ ਤਾਰਾ ਸਿੰਘ ਨਰੋਤਮ (1822-1881 ਈ.) ਨੇ ਪਾਈ। ਉਨ੍ਹਾਂ ਨੇ ਆਪਣੀ ਪੁਸਤਕ ‘ਸ੍ਰੀ ਗੁਰੂ ਤੀਰਥ ਸੰਗ੍ਰਹਿ’ ਵਿਚ ਲਿਖਿਆ ਹੈ ਕਿ “ਚਾਰ ਔਰ ਭੀ ਗੁਰੂ ਜੀ ਕੇ ਸਾਹਿਬਜ਼ਾਦੇ ਪ੍ਰਸਿੱਧ ਹੈ। ਜਿਨ ਮੇਂ ਏਕ ਅਜੀਤ ਸਿੰਘ ਦੂਜਾ ਜ਼ੋਰਾਵਰ ਸਿੰਘ, ਤਰਖਾਣ ਦਾ ਲੜਕਾ, ਤੀਸਰਾ ਚਰਨ ਦਾਸ, ਚੌਥਾ ਪੰਜਾਬ ਸਿੰਘ। (ਪਿਛਲੇ ਦੋਨੋਂ ਕੀ ਜਾਤ ਗੋਤ ਦਾ ਪਤਾ ਨਹੀਂ।)” ਤੀਸਰੇ ਪਾਲਿਤ ਪੁੱਤਰ ਬਾਵਾ ਚਰਨ ਸਿੰਘ (ਚਰਨਦਾਸ) ਦੀ ਜਾਤ-ਗੋਤ ਦਾ ਪਤਾ ਲਗ ਗਿਆ ਪਰ ਪੰਜਾਬ ਸਿੰਘ ਦੀ ਜਾਤ-ਗੋਤ ਅਤੇ ਅਸਲ ਪਿੰਡ ਆਦਿ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ।
ਗਿ. ਗਿਆਨ ਸਿੰਘ (1822-1921ਈ.) ਆਪਣੀ ਪੁਸਤਕ ‘ਤਵਾਰੀਖ ਗੁਰਦੁਆਰਿਆਂ’ ਵਿੱਚ ਭਾਈ ਚਰਨ ਸਿੰਘ ਅਤੇ ਪੰਜਾਬ ਸਿੰਘ ਬਾਰੇ ਲਿਖਦੇ ਹਨ, ‘ ਚਰਨ ਦਾਸ ਭਦੌੜ ਵਿੱਚ ਰਹੇ।.... ਪੰਜਾਬ ਸਿੰਘ ਪੜਦੇ ਵਾਲ਼ੀ ਮੁਸਲਮਾਨ ਔਰਤ ਵਾਂਗਰ ਇਕ ਅੱਖ ਹੀ ਨੰਗੀ ਰੱਖਦੇ ਸਨ ਤੇ ਬਾਕੀ ਸਾਰਾ ਸਰੀਰ ਕੱਪੜੇ ਵਿੱਚ ਢੱਕ ਕੇ ਰੱਖਦੇ ਸਨ। ਅਸਥਾਨ ਇਨ੍ਹਾਂ ਦਾ ਹੰਢਾਏ ਨਗਰ ਤੋਂ ਸਤ ਕੋਹ ਦੱਖਣ-ਪੱਛਮ ਵਾਲੇ ਪਾਸੇ ਹੈ। ਨਗਰ ਦਾ ਨਾਮ ਤਾਜੋ ਗ੍ਰਾਮ ਹੈ। ਇਹ ਮਾਲੂਮ ਹੁੰਦਾ ਹੈ ਕਿ ਇਹ ਦੋਵੇਂ (ਚਰਨ ਦਾਸ ਅਤੇ ਪੰਜਾਬ ਸਿੰਘ) ਵਿਚਾਰਵਾਨ ਸਨ । ਉਪਦੇਸ਼ ਕਰਨ ਵਾਲ਼ੇ ਗੁਰੂ ਜੀ ਨੂੰ ਮਾਤਾ-ਪਿਤਾ, ਪ੍ਰਹਿਲਾਦ ਰਿਖੀ ਦੇ ਚੇਲਿਆਂ ਵਾਂਙਰ ਪੁੱਤਰ ਕਹਾਉਂਦੇ ਰਹੇ ਹਨ। ਹੋਰ ਜਾਤ-ਗੋਤ ਆਦਿ ਦਾ ਜ਼ਿਕਰ ਇਹ ਕਿਸੇ ਦੇ ਨਾਲ਼ ਨਹੀਂ ਕਰਦੇ ਸਨ। (ਪੰਨਾ-271-272)
ਪ੍ਰੋ. ਪਿਆਰਾ ਸਿੰਘ ਪਦਮ ਉਪਰੋਕਤ ਦੋਵਾਂ ਲੇਖਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਥੋੜ੍ਹਾ ਜਿਹਾ ਵਾਧਾ ਕਰਦੇ ਹਨ। ਉਹ ਪੰਜਾਬ ਸਿੰਘ ਬਾਰੇ ਲਿਖਦੇ ਹਨ, ‘ਇਸ ਦੇ ਮੁੱਢਲੇ ਹਾਲਾਤ ਬਾਰੇ ਪਤਾ ਨਹੀਂ। ਬਚਪਨ ਸਮੇਂ ਅਨੰਦਪੁਰ ਰਿਹਾ ਸੀ ਤੇ ਗੁਰੂ ਕੇ ਸਾਹਿਬਜ਼ਾਦਿਆਂ ਨਾਲ਼ ਚੰਗਾ ਪਰਿਚਯ ਰੱਖਦਾ ਸੀ। ਅਨੰਦਪੁਰ ਦੀ ਆਖ਼ਰੀ ਜੰਗ ਬਾਅਦ ਮਾਲਵੇ ਵੱਲ ਆ ਗਿਆ ਤੇ ਲੰਮਾ ਚੋਲਾ ਪਾ ਕੇ ਵਿਚਰਦਾ ਰਿਹਾ। ਬਰਨਾਲੇ ਲਾਗੇ ਹੰਢਿਆਏ ਪਾਸ ਇਹ ਤਾਜੋ ਪਿੰਡ ਰਹਿੰਦਾ ਰਿਹਾ, ਜਿਥੇ ਕਿ ਇਸ ਦੀ ਸਮਾਧ ਹੈ। (ਗੋਬਿੰਦ ਸਾਗਰ, ਪੰਨਾ-187)
1705 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਤਾਂ ਮੁਗ਼ਲ ਫ਼ੌਜਾਂ ਨਾਲ਼ ਹੋਈਆਂ ਝੜਪਾਂ ਵਿੱਚ ਬਾਬਾ ਪੰਜਾਬ ਸਿੰਘ ਬਹੁਤ ਜ਼ਖ਼ਮੀ ਹੋ ਗਏ। ਕਿਸੇ ਤਰ੍ਹਾਂ ਬਚਦੇ-ਬਚਾਉਂਦੇ ਉਹ ਮਾਲਵੇ ਵਿੱਚ ਤਾਜੋਕੇ ਪਹੁੰਚ ਗਏ ਅਤੇ ਇਥੇ ਲਗਪਗ 25 ਸਾਲ ਰਹਿ ਕੇ 1730 ਈ. ਵਿੱਚ ਸੁਰਗਵਾਸ ਹੋ ਗਏ। ਬਾਬਾ ਪੰਜਾਬ ਸਿੰਘ ਆਪਣਾ ਸਾਰਾ ਸਰੀਰ ਅਤੇ ਚਿਹਰਾ ਸ਼ਾਇਦ ਇਸ ਲਈ ਢਕ ਕੇ ਰੱਖਦੇ ਸਨ ਕਿ ਜੰਗਾਂ-ਯੁੱਧਾਂ ਵਿਚ ਲੱਗੇ ਫੱਟਾਂ ਕਾਰਨ ਉਨ੍ਹਾਂ ਸਰੀਰ ਬਹੁਤ ਕਰੂਪ ਹੋ ਗਿਆ ਹੋਵੇਗਾ। ਇਸ ਪਰਦਾਦਾਰੀ ਦਾ ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਮੁਗ਼ਲ ਸਰਕਾਰ ਦੀਆਂ ਨਜ਼ਰਾਂ ਤੋਂ ਬਚ ਕੇ ਰਹਿਣਾ ਚਾਹੁੰਦੇ ਸਨ। ਬਾਬਾ ਪੰਜਾਬ ਸਿੰਘ ਬੜੇ ਵਿਦਵਾਨ ਗੁਰਸਿੱਖ ਸਨ ਅਤੇ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦਿਆ ਕਰਦੇ ਸਨ। ਪਿੰਡ ਤਾਜੋਕੇ ਵਿਚ ਉਨ੍ਹਾਂ ਦਾ ਨਿਵਾਸ-ਅਸਥਾਨ ਹੌਲੀ-ਹੌਲੀ ‘ਡੇਰਾ ਬਾਬਾ ਪੰਜਾਬ ਸਿੰਘ’ ਦੇ ਨਾਂ ਨਾਲ਼ ਪ੍ਰਸਿੱਧ ਹੋ ਗਿਆ। ਲੋਕਾਂ ਨੂੰ ਰੋਗ-ਮੁਕਤ ਕਰਨ ਲਈ ਬਾਬਾ ਜੀ ਨੇ ਡੇਰੇ ਵਿੱਚ ਇਕ ਦਵਾਈਖਾਨਾ ਵੀ ਖੋਲ੍ਹਿਆ ਜੋ ਉਨ੍ਹਾਂ ਤੋਂ ਬਾਅਦ ਵੀ ਚਲਦਾ ਰਿਹਾ।
ਬਠਿੰਡਾ-ਬਰਨਾਲਾ ਸੜਕ ਉੱਤੇ ਤਪੇ ਦੇ ਬੱਸ ਅੱਡੇ ਤੋਂ ਤਾਜੋਕੇ ਕੇਵਲ ਤਿੰਨ ਕਿਲੋਮੀਟਰ ਦੇ ਫਾਸਲੇ ‘ਤੇ ਹੈ। ਪਿੰਡ ਦੇ ਬਾਹਰ ਸੜਕ ਉੱਤੇ ਬਣੇ ਹੋਏ ਗੇਟ ਉੱਤੇ ਇਹ ਸ਼ਬਦ ਲਿਖੇ ਹੋਏ ਹਨ, ‘ਡੇਰਾ ਬਾਬਾ ਪੰਜਾਬ ਸਿੰਘ ਪਿੰਡ ਤਾਜੋਕੇ’। ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਹਾਈ ਸਕੂਲ ਦੇ ਅਗਲੇ ਪਾਸੇ ਨਾਲ਼ ਹੀ ਡੇਰਾ ਬਾਬਾ ਪੰਜਾਬ ਸਿੰਘ ਦੀ ਵੱਡੀ, ਉੱਚੀ ਪ੍ਰਭਾਵਸ਼ਾਲੀ ਡਿਉਢੀ ਹੈ। ਉਸ ਉੱਤੇ ਵੀ ਮੋਟੇ ਅੱਖਰਾਂ ਵਿੱਚ ‘ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ’ ਲਿਖਿਆ ਹੋਇਆ ਹੈ। ਪ੍ਰਕਾਸ਼ ਅਸਥਾਨ ਦੇ ਸੱਜੇ ਹੱਥ ਬਾਬਾ ਪੰਜਾਬ ਸਿੰਘ ਦਾ ਤਪ-ਅਸਥਾਨ ਅਤੇ ਸਮਾਧੀ ਹੈ। ਤਪ-ਅਸਥਾਨ ਦੀ ਛੋਟੀ ਇਮਾਰਤ ਵੀ ਬਹੁਤ ਸੁੰਦਰ ਹੈ। ਤਪ-ਅਸਥਾਨ ਦੇ ਅੰਦਰ ਬਾਬਾ ਜੀ ਦੀ ਚੌਰਸ ਸਮਾਧ ਬਣੀ ਹੋਈ ਹੈ। ਸਾਹਮਣੀ ਦੀਵਾਰ ਵਿੱਚ ਬਾਬਾ ਜੀ ਦਾ ਚਿੱਤਰ ਸਸ਼ੋਭਿਤ ਹੈ। ਪੀਲੀ਼ ਦਸਤਾਰ, ਚਿੱਟਾ ਚੋਲਾ, ਸਫੈਦ ਦਾਹੜਾ ਅਤੇ ਕਾਲ਼ਾ ਗਾਤਰਾ ਪਹਿਨੀ ਬਾਬਾ ਜੀ ਚੌਕੜਾ ਮਾਰ ਕੇ ਬੈਠੇ ਹਨ। ਤਪ-ਅਸਥਾਨ ਦੇ ਆਲੇ-ਦੁਆਲੇ ਕੁਝ ਸ਼ਹੀਦ ਸਿੰਘਾਂ ਦੇ ਚਿੱਤਰ ਬਣੇ ਹੋਏ ਹਨ। ਮੁਗਲ ਫੌਜਾਂ ਨਾਲ਼ ਹੋਈਆਂ ਝੜਪਾਂ ਵਿਚ ਉਨ੍ਹਾਂ ਦੇ ਜਿਹੜੇ ਸਾਥੀ ਸ਼ਹੀਦ ਹੋ ਗਏ, ਉਨ੍ਹਾਂ ਦੇ ਨਾਂ ਅਤੇ ਚਿੱਤਰ ਤਪ ਅਸਥਾਨ ਉੱਤੇ ਅੰਕਿਤ ਹਨ। ਸ਼ਹੀਦ ਬੁੱਧ ਸਿੰਘ, ਸ਼ਹੀਦ ਮੱਲ ਸਿੰਘ, ਸ਼ਹੀਦ ਰੂਪ ਸਿੰਘ, ਸ਼ਹੀਦ ਗੰਡਾ ਸਿੰਘ, ਸ਼ਹੀਦ ਫੂਲਾ ਸਿੰਘ ਅਤੇ ਸ਼ਹੀਦ ਰਾਮ ਸਿੰਘ। ਇਨ੍ਹਾਂ ਚਿੱਤਰਾਂ ਵਿੱਚ ਇਕ ਚਿੱਤਰ ਬੀਬੀ ਲਾਲੀ ਦਾ ਹੈ। ਪਤਾ ਲੱਗਾ ਹੈ ਕਿ ਬਾਬਾ ਜੀ ਨੇ ਬੀਬੀ ਲਾਲੀ ਦਾ ਕੋਹੜ ਦੂਰ ਕੀਤਾ ਸੀ।
ਬਾਬਾ ਪੰਜਾਬ ਸਿੰਘ ਦੇ ਤਪ-ਅਸਥਾਨ ਵਿੱਚ ਚਿੱਟੇ ਰੰਗ ਦਾ ਉੱਚਾ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ. ਜੋ ਨਿਰਮਲ ਸੰਪਰਦਾਇ ਦਾ ਪ੍ਰਤੀਕ ਹੈ। ਇਸ ਨਿਸ਼ਾਨ ਸਾਹਿਬ ਦੀ ਸੇਵਾ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ 1910 ਈ ਵਿੱਚ ਕਰਵਾਈ ਸੀ। ਨਿਸ਼ਾਨ ਸਾਹਿਬ ਉੱਤੇ ਲਿਖੀ ਇਬਾਰਤ ਇਸ ਪ੍ਰਕਾਰ ਹੈ-‘੧੦੧ ਸ੍ਰੀ ਹਜ਼ੂਰ ਰਾਜਾਗਾਨ ਮਹਾਰਾਜ ਅਧਿਰਾਜ ਮਹਾਰਾਜਾ ਭੁਪੇਂਦ੍ਰ ਸਿੰਘ ਮਹੇਂਦਰ ਬਹਾਦਰ ਮਹਾਰਾਜਾ ਪਟਿਆਲਾ ਨੇ ਨਿਸ਼ਾਨ ਸਾਹਿਬ ਚੜ੍ਹਾਇਆ। (ਸੰਮਤ ੧੯੬੭ ਬਿਕ੍ਰਮੀ)’ ਨਿਸ਼ਾਨ ਸਾਹਿਬ ਦੇ ਨਾਲ਼ ਹੀ ਵਣ ਦਾ ਇੱਕ ਪੁਰਾਣਾ ਦਰੱਖਤ ਖੜ੍ਹਾ ਹੈ। ਕਹਿੰਦੇ ਹਨ, ਬਾਬਾ ਪੰਜਾਬ ਸਿੰਘ, ਤਾਜੋਕੇ, ਆ ਕੇ ਸਭ ਤੋਂ ਪਹਿਲਾਂ ਇਸ ਵਣ ਹੇਠ ਬੈਠੇ ਸਨ। ਬਾਬਾ ਪੰਜਾਬ ਸਿੰਘ ਪਹਿਲਾਂ ਤਾਜੋਕੇ ਦੇ ਨੇੜੇ ਪਿੰਡ ਘੜੈਲੇ ਵਿੱਚ ਆ ਕੇ ਬੈਠੇ ਸਨ। ਘੜੈਲੇ ਵਾਸੀਆਂ ਨੇ ਉਨ੍ਹਾਂ ਦਾ ਅਪਮਾਨ ਕੀਤਾ ਤਾਂ ਉਹ ਤਾਜੋਕੇ ਆ ਗਏ। ਬਾਬਾ ਜੀ ਨੇ ਨਾਰਾਜ਼ ਹੋ ਕੇ ਘੜੈਲੇ-ਵਾਸੀਆਂ ਨੂੰ ਆਖਿਆ, ਤੁਸੀਂ ਵਧ-ਫੁਲੋਰੀ ਨਹੀਂ। ਸ਼ਾਇਦ ਇਹੀ ਕਾਰਨ ਹੈ ਕਿ ਪਿੰਡ ਘੜੈਲੇ ਨੇ ਬਹੁਤੀ ਤਰੱਕੀ ਨਹੀਂ ਡੇਰੇ ਵਿੱਚ ਬਾਬਾ ਪੰਜਾਬ ਸਿੰਘ ਦੀ ਇਕ ਬੈਰਾਗਣ, ਇਕ ਪਲੰਘ ਅਤੇ ਪਊਏ ਸੁਰੱਖਿਅਤ ਹਨ। ਡੇਰੇ ਵਿੱਚ ਬਾਬਾ ਜੀ ਦੀ ਇਕ ਪੰਜਾਲੀ ਵੀ ਹੈ, ਜਿਸ ਵਿੱਚ ਦੋ ਬੱਕਰੇ ਜੋੜ ਕੇ ਉਹ ਹਲ ਵਾਹੁਣ ਦੀ ਕਿਰਿਆ ਕਰਦੇ ਸਨ। ਪਤਾ ਨਹੀਂ ਇਸ ਕਿਰਿਆ ਵਿੱਚ ਕੀ ਭੇਤ ਸੀ। ਇਸ ਡੇਰੇ ਨੇ ਬਹੁਤ ਸਾਰੇ ਪਾਠੀ ਅਤੇ ਗ੍ਰੰਥੀ ਸਿੰਘ ਤਿਆਰ ਕੀਤੇ ਹਨ। ਸਿਖਿਆਰਥੀ ਨੂੰ ਜਪੁ ਜੀ ਸਾਹਿਬ, ਪੰਜ ਗ੍ਰੰਥੀ, ਦਸ ਗ੍ਰੰਥੀ, ਬਾਈ ਵਾਰਾਂ, ਹਨੂਮਾਨ ਨਾਟਕ, ਨਾਨਕ ਪ੍ਰਕਾਸ਼ ਆਦਿ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਤੇ ਵਿਆਖਿਆ ਦੀ ਸਿੱਖਿਆ ਦਿੱਤੀ ਜਾਂਦੀ ਸੀ।
ਤਾਜੋਕੇ ਵਿੱਚ ਰਹਿ ਕੇ ਉਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਸਰੀਰਕ ਰੋਗਾਂ ਦਾ ਇਲਾਜ ਕਰਨ ਲਈ ਉਹ ਸੰਗਤਾਂ ਦੀ ਦੁਆਈ-ਬੂਟੀ ਨਾਲ਼ ਸੇਵਾ ਵੀ ਕਰਦੇ ਸਨ। ਬਾਬਾ ਪੰਜਾਬ ਸਿੰਘ ਤੋਂ ਬਾਅਦ ਸਮੇਂ-ਸਮੇਂ ਕਈ ਮਹੰਤ ਸਾਹਿਬਾਨ ਇਸ ਡੇਰੇ ਦੀ ਸੇਵਾ-ਸੰਭਾਲ ਕਰਦੇ ਰਹੇ ਹਨ। ਬਾਬਾ ਪੰਜਾਬ ਸਿੰਘ ਦੀ ਯਾਦ ਵਿਚ ਹਰ ਸਾਲ ਦਸਹਿਰੇ ਦੇ ਅਵਸਰ ‘ਤੇ ਡੇਰੇ ਵਿਚ ਜੋੜ ਮੇਲਾ ਲਗਦਾ ਹੈ, ਜਿਸ ਵਿਚ ਦੂਰ-ਨੇੜੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੁੰਦੀਆਂ ਹਨ।
— ਜਗਤਾਰ ਸਿੰਘ ਸੋਖੀ
ਪਹਿਲੇ ਤਿੰਨ ਪਾਲਿਤ ਪੁੱਤਰਾਂ ਬਾਰੇ ਜਾਣਨ ਲਈ ਤੁਸੀਂ ਮੇਰੀਆਂ ਪਹਿਲਾਂ ਪਾਈਆਂ ਗਈਆਂ ਪੋਸਟਾਂ ਪੜ੍ਹ ਸਕਦੇ ਹੋ।