16/05/2021
ਫ਼ਰੀਦਕੋਟ ਜ਼ਿਲ੍ਹਾ ਦਿਵਸ , 07 ਅਗਸਤ 1972
ਫ਼ਰੀਦਕੋਟ ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ 'ਤੇ ਇੱਕ ਝਾਤ - ਪ੍ਰਮੋਦ ਧੀਰ ਜੈਤੋ
12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਦੇਸ਼ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੀ ਫ਼ਰੀਦਕੋਟ ਦੀ ਸਿੱਖ ਰਿਆਸਤ ਦੁਨੀਆਂ ਦੇ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਹੈ। 12ਵੀਂ ਸਦੀ ਤੱਕ ਫ਼ਰੀਦਕੋਟ ਨੂੰ ਮੋਕਲ ਨਗਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ, ਉਸ ਸਮੇਂ ਰਾਜਾ ਮੋਕਲਦੇਵ ਇੱਥੋਂ ਦਾ ਸ਼ਾਸ਼ਕ ਸੀ ਅਤੇ ਉਹਨਾਂ ਨੇ ਬਾਬਾ ਫ਼ਰੀਦ ਜੀ ਦੀ ਫੇਰੀ ਦੌਰਾਨ ਇਸ ਸ਼ਹਿਰ ਦਾ ਨਾਮ ਫ਼ਰੀਦਕੋਟ ਰੱਖਿਆ। ਫ਼ਰੀਦਕੋਟ 16ਵੀਂ ਸਦੀ ਤੱਕ ਅਨੇਕਾਂ ਲੋਕਾਂ ਦੇ ਹੱਥਾਂ ਵਿੱਚ ਰਿਹਾ। ਅੰਤ ਵਿੱਚ ਇਸ 'ਤੇ ਬਰਾੜ ਵੰਸ਼ ਦਾ ਕਬਜ਼ਾ ਹੋ ਗਿਆ। ਕਾਫ਼ੀ ਸਮਾਂ ਬਰਾੜ ਚੌਧਰੀਆਂ ਦਾ ਇਲਾਕੇ 'ਤੇ ਕਬਜਾ ਰਿਹਾ। ਦੁਨੀਆਂ ਭਰ ਵਿੱਚ ਆਪਣੀ ਵਿਲੱਖਣ ਪਹਿਚਾਣ ਵਾਲੀ ਫ਼ਰੀਦਕੋਟ ਰਿਆਸਤ ਸਤਲੁਜ ਦਰਿਆ ਦੇ ਦੱਖਣ ਵਾਲੇ ਕੰਡੇ 'ਤੇ ਸਥਾਪਿਤ ਕੀਤੀ ਗਈ ਸੀ ਅਤੇ ਇਹ ਲਾਹੌਰ ਤੋਂ 105 ਕਿਲੋਮੀਟਰ ਦੂਰ ਹੈ। ਮੁਗ਼ਲ ਰਾਜਭਾਗ ਦੀ ਸਮਾਪਤੀ ਤੋਂ ਬਾਅਦ ਸੰਨ 1827 ਵਿੱਚ ਇਸ ਉੱਪਰ ਬਰਾੜ ਵੰਸ਼ ਦੇ ਰਾਜਾ ਪਹਾੜਾ ਸਿੰਘ ਦਾ ਕਬਜਾ ਹੋ ਗਿਆ। ਜੋ ਮੁਗ਼ਲ ਸ਼ਹਿਨਸ਼ਾਹ ਅਕਬਰ ਦੇ ਸਭ ਤੋਂ ਖਾਸ ਸਾਥੀਆਂ ਵਿੱਚੋਂ ਮੰਨੇ ਜਾਂਦੇ ਸਨ। 1849 ਵਿੱਚ ਪਹਾੜਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ 21 ਸਾਲਾ ਪੁੱਤਰ ਵਜ਼ੀਰ ਸਿੰਘ (1849-1874) ਇਸ ਰਿਆਸਤ ਦੇ ਰਾਜਾ ਰਹੇ। ਵਜੀਰ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਬਿਕਰਮ ਸਿੰਘ ਨੂੰ (1874-1898) ਨੂੰ ਫ਼ਰੀਦਕੋਟ ਸਿੱਖ ਰਿਆਸਤ 'ਤੇ ਰਾਜਭਾਗ ਕਰਨ ਦਾ ਮੌਕਾ ਮਿਲਿਆ। ਮਹਾਰਾਜਾ ਬਿਕਰਮ ਸਿੰਘ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਦੇ ਲੰਗਰ ਲਈ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਦਰਬਾਰ ਸਾਹਿਬ ਵਿੱਚ ਬਿਜਲੀ ਲਈ 25 ਹਜ਼ਾਰ ਰੁਪਏ ਖਰਚ ਕੀਤੇ। ਬਿਕਰਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਬਲਬੀਰ ਸਿੰਘ (1898-1906) ਫ਼ਰੀਦਕੋਟ ਦੇ ਸ਼ਕਤੀਸ਼ਾਲੀ ਸ਼ਾਸ਼ਕ ਵਜੋਂ ਉੱਭਰੇ। ਸੰਨ 1906 ਤੋਂ 1916 ਤੱਕ ਫ਼ਰੀਦਕੋਟ ਰਿਆਸਤ ਵਿੱਚ ਕੌਂਸਲ ਆਫ਼ ਰੀਜੰਸੀ ਦਾ ਕਬਜਾ ਰਿਹਾ। 1916 ਵਿੱਚ ਮਹਾਰਾਜਾ ਬ੍ਰਿਜਿੰਦਰ ਸਿੰਘ ਨੇ ਫ਼ਰੀਦਕੋਟ ਦਾ ਕਾਰਜ ਭਾਗ ਸੰਭਾਲਿਆ। ਉਹਨਾਂ ਫ਼ਰੀਦਕੋਟ ਰਿਆਸਤ ਵਿੱਚ ਆਲੀਸ਼ਾਨ ਇਮਾਰਤਾਂ ਅਤੇ ਬਾਗ਼ਾਂ ਦਾ ਨਿਰਮਾਣ ਕਰਵਾਇਆ। ਇਸ ਮੌਕੇ ਦੂਜਾ ਵਿਸ਼ਵ ਯੁੱਧ ਛਿੜ ਚੁੱਕਾ ਸੀ ਅਤੇ ਮਹਾਰਾਜਾ ਬ੍ਰਿਜਿੰਦਰ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ 17 ਲੱਖ ਰੁਪਏ ਕਰਜੇ ਵਜੋਂ ਦਿੱਤੇ ਅਤੇ ਬ੍ਰਿਟਿਸ਼ ਸਰਕਾਰ ਨੂੰ ਹਥਿਆਰ, ਘੋੜੇ, ਊਠ ਅਤੇ 2800 ਦੇ ਕਰੀਬ ਫੌਜ਼ੀ ਜਵਾਨ ਵੀ ਭੇਜੇ ਜਿਸ ਤੋਂ ਉਹਨਾਂ ਦੇ ਬ੍ਰਿਟਿਸ਼ ਸਰਕਾਰ ਨਾਲ ਸੰਬੰਧ ਹੋਰ ਵੀ ਗੂੜ੍ਹੇ ਹੋ ਗਏ। ਮਹਾਰਾਜਾ ਬ੍ਰਿਜਿੰਦਰ ਸਿੰਘ ਦੀ ਇਸ ਸਹਾਇਤਾ ਤੋਂ ਖੁਸ਼ ਹੋ ਕੇ ਬ੍ਰਿਟਿਸ਼ ਸਰਕਾਰ ਨੇ ਸਨਮਾਨ ਵਜੋਂ ਉਸਨੂੰ ਮੇਜਰ ਰੈਂਕ ਦੀ ਉਪਾਧੀ ਦੇ ਦਿੱਤੀ। ਪਰੰਤੂ ਉਹ ਬਹੁਤਾ ਸਮਾਂ ਰਾਜ ਭਾਗ ਨਹੀਂ ਕਰ ਸਕੇ ਅਤੇ 1918 ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਸੰਨ 1918-1934 ਤੱਕ ਫ਼ਰੀਦਕੋਟ ਰਿਆਸਤ ਵਿੱਚ ਕੌਂਸਲ ਆਫ਼ ਐਡਮਨਿਸਟਰੇਸ਼ਨ ਦਾ ਕੰਮ ਚਲਾਊ ਪ੍ਰਬੰਧ ਰਿਹਾ। ਬਰਾੜ ਵੰਸ਼ ਦੇ ਆਖਰੀ ਰਾਜਾ ਹਰਿੰਦਰ ਸਿੰਘ ਨੇ 17 ਅਕਤੂਬਰ 1934 ਨੂੰ ਫ਼ਰੀਦਕੋਟ ਰਿਆਸਤ ਦੇ ਰਾਜੇ ਵਜੋਂ ਕਾਰਜ ਭਾਗ ਸੰਭਾਲਿਆ। ਉਹਨਾਂ ਨੇ ਆਪਣੇ ਸਮੇਂ ਵਿੱਚ ਫ਼ਰੀਦਕੋਟ ਸਿੱਖ ਰਿਆਸਤ ਵਿੱਚ ਵਿਲੱਖਣ ਇਮਾਰਤਾਂ ਦਾ ਨਿਰਮਾਣ ਕਰਵਾਇਆ ਅਤੇ ਉਚਤਮ ਸਿੱਖਿਆ ਦੇ ਪ੍ਰਬੰਧ ਕੀਤੇ। ਕਮਰਸ ਦਾ ਕਾਲਜ ਪਿਸ਼ਾਵਰ ਅਤੇ ਦਿੱਲੀ ਤੋਂ ਬਾਅਦ ਇੱਕਲੇ ਫ਼ਰੀਦਕੋਟ ਵਿੱਚ ਹੀ ਮੌਜ਼ੂਦ ਸੀ। ਰਾਜਾ ਹਰਿੰਦਰ ਸਿੰਘ ਨੇ ਬ੍ਰਿਜਿੰਦਰਾ ਕਾਲਜ, ਯੂਨੀਅਰ ਬੇਸਿਕ ਟਰੇਨਿੰਗ ਸਕੂਲ ਬ੍ਰਿਕਰਮ ਕਾਲਜ ਆਫ਼ ਕਮਰਸ, ਖੇਤੀਬਾੜੀ ਕਾਲਜ, ਆਰਟ ਤੇ ਕਰਾਫ਼ਟ ਸਕੂਲ ਉਸ ਸਮੇਂ ਫ਼ਰੀਦਕੋਟ ਰਿਆਸਤ ਵਿੱਚ 8 ਹਾਈ ਸਕੂਲ ਅਤੇ ਹਰ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਸਮੇਤ ਸਿਹਤ ਕੇਂਦਰਾਂ ਦਾ ਨਿਰਮਾਣ ਕਰਵਾਇਆ। ਫ਼ਰੀਦਕੋਟ ਵਿੱਚ ਤਿੰਨ ਦਰਜਨ ਤੋਂ ਵੱਧ ਖੂਬਸੂਰਤ ਇਮਾਰਤਾਂ ਦੇ ਨਿਰਮਾਣ ਨੇ ਇੱਥੋਂ ਦੀ ਭਵਨ ਨਿਰਮਾਣ ਕਲਾ ਨੂੰ ਦੁਨੀਆਂ ਵਿੱਚ ਖੂਬ ਪ੍ਰਸਿੱਧੀ ਦਿਵਾਈ। ਹਾਲਾਂਕਿ ਸਮਾਂ ਬੀਤਣ ਨਾਲ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦਾ ਵਜੂਦ ਖਤਮ ਹੋ ਚੁੱਕਾ ਹੈ। ਪਰੰਤੂ ਸਕੱਤਰੇਤ, ਵਿਕਟੋਰੀਆ ਟਾਵਰ, ਲਾਲ ਕੋਠੀ, ਅਰਾਮ ਘਰ, ਅਸਤਬਲ, ਰਾਜ ਮਹਿਲ, ਸ਼ੀਸ਼ ਮਹਿਲ, ਮੋਤੀ ਮਹਿਲ, ਸ਼ਾਹੀ ਕਿਲਾ, ਸ਼ਾਹੀ ਸਮਾਧਾਂ ਆਦਿ ਇਮਾਰਤਾਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਫ਼ਰੀਦਕੋਟ ਰਿਆਸਤ ਦੀਆਂ ਖੂਬਸੂਰਤ ਇਮਾਰਤਾਂ ਲਾਹੌਰ, ਸ਼ਿਮਲਾ ਅਤੇ ਦਿੱਲੀ ਵਿੱਚ ਵੀ ਸਨ। ਰਾਜਾ ਹਰਿੰਦਰ ਸਿੰਘ ਇੱਕ ਕੁਸ਼ਲ ਪ੍ਰਬੰਧਕ ਵਜੋਂ ਵੀ ਮਕਬੂਲ ਹੋਏ। ਉਹਨਾ ਨੇ ਆਪਣੀ ਰਿਆਸਤ ਵਿੱਚ ਭੀਖ ਮੰਗਣ 'ਤੇ ਮੁਕੰਮਲ ਪਾਬੰਦੀ ਲਾਈ ਹੋਈ ਸੀ ਅਤੇ ਦੇਸ਼ ਦੇ ਬਟਵਾਰੇ ਸਮੇਂ ਉਸਨੇ ਆਪਣੀ ਰਿਆਸਤ ਵਿੱਚ ਇੱਕ ਵੀ ਦੰਗਾ ਫ਼ਸਾਦ, ਲੁੱਟ-ਖੋਹ ਜਾਂ ਕਤਲ ਨਹੀਂ ਹੋਣ ਦਿੱਤਾ। ਪਾਕਿਸਤਾਨ ਜਾਣ ਵਾਲੇ ਪਰਿਵਾਰਾਂ ਨੂੰ ਪੂਰੀ ਹਿਫ਼ਾਜ਼ਤ ਨਾਲ ਭੇਜਿਆ ਗਿਆ। ਮਹਾਰਾਜਾ ਹਰਿੰਦਰ ਸਿੰਘ ਨੇ ਆਪਣੇ ਰਾਜਭਾਗ ਦੌਰਾਨ ਫ਼ਰੀਦਕੋਟ ਸਿੱਖ ਰਿਆਸਤ ਬਾਰੇ ਇੱਕ ਵਸੀਅਤ ਕੀਤੀ ਸੀ, ਜਿਸ ਵਿੱਚ ਉਸ ਨੇ ਫ਼ਰੀਦਕੋਟ ਰਿਆਸਤ ਦੀਆਂ ਵਿਰਾਸਤੀ ਇਮਾਰਤਾਂ, ਖਜ਼ਾਨਾ, ਜਾਇਦਾਦ ਆਦਿ ਸੰਭਾਲਣ ਲਈ ਮਹਾਂਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕੀਤੀ। ਅੱਜ ਕੱਲ ਇਹੀ ਟਰੱਸਟ ਫ਼ਰੀਦਕੋਟ ਰਿਆਸਤ ਦੀ ਵਿਰਾਸਤ ਨੂੰ ਸਾਂਭ ਰਿਹਾ ਹੈ। ਭਾਰਤ ਸਰਕਾਰ ਨੇ 15 ਜੁਲਾਈ 1948 ਨੂੰ ਫ਼ਰੀਦਕੋਟ ਰਿਆਸਤ ਨੂੰ ਖਤਮ ਕਰਕੇ ਇੱਥੇ ਲੋਕਤੰਤਰ ਸਰਕਾਰ ਦਾ ਗਠਨ ਕਰ ਦਿੱਤਾ ਸੀ। ਬਾਅਦ ਵਿੱਚ ਪੰਜਾਬ ਸਰਕਾਰ ਨੇ ਫ਼ਰੀਦਕੋਟ ਰਿਆਸਤ ਦਾ ਵੱਡਾ ਹਿੱਸਾ ਜਾਇਦਾਦ ਅਤੇ ਇਮਾਰਤਾਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਮਹਾਰਾਜਾ ਹਰਿੰਦਰ ਸਿੰਘ ਫ਼ਰੀਦਕੋਟ ਰਿਆਸਤ ਦੇ ਆਖਰੀ ਰਾਜਾ ਸਨ ਅਤੇ ਉਹਨਾਂ ਦਾ 16 ਅਕਤੂਬਰ 1989 ਨੂੰ ਦੇਹਾਂਤ ਹੋ ਗਿਆ ਸੀ। ਹੁਣ ਉਹਨਾਂ ਦੀ ਇਕਲੌਤੀ ਪੁੱਤਰੀ ਮਹਾਰਾਣੀ ਦੀਪਇੰਦਰ ਕੌਰ ਜੋ ਵਰਧਮਾਨ ਦੇ ਰਾਜਾ ਸਦਾ ਸਿੰਘ ਮਹਿਤਾਬ ਨਾਲ ਵਿਆਹੀ ਹੋਈ ਹੈ। ਫ਼ਰੀਦਕੋਟ ਰਿਆਸਤ ਦਾ ਰਾਜ ਮਹਿਲ ਅਤੇ ਸ਼ਾਹੀ ਕਿਲਾ ਅੱਜ ਵੀ ਆਪਣੀ ਸਦੀ ਪੁਰਾਣੀ ਦਿੱਖ ਨੂੰ ਸੁਰੱਖਿਅਤ ਸਾਂਭੀ ਬੈਠਾ ਹੈ। ਇਸ ਅੰਦਰ ਆਮ ਲੋਕਾਂ ਦੇ ਜਾਣ 'ਤੇ ਮਨਾਹੀ ਹੈ। ਰਾਜ ਮਹਿਲ ਆਪਣੇ ਆਪ ਵਿੱਚ ਦੁਨੀਆਂ ਦੇ ਖੂਬਸੂਰਤ ਮਹਿਲਾਂ ਵਿੱਚੋਂ ਇੱਕ ਹੈ। ਸ਼ਾਹੀ ਕਿਲੇ ਦੇ ਤੋਸ਼ਖਾਨੇ ਵਿੱਚ ਰਿਆਸਤ ਦੇ ਹਥਿਆਰਾਂ ਸਮੇਤ ਦਸਮ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਦਾ ਖੜਗ ਅਤੇ ਢਾਲ ਅੱਜ ਵੀ ਪਈ ਹੈ ਜੋ ਉਹਨਾਂ ਨੇ ਚੌਧਰੀ ਕਪੂਰਾ ਸਿੰਘ ਨੂੰ ਬਖਸ਼ੀ ਸੀ। ਵਿਸ਼ਵ ਪ੍ਰਸਿੱਧ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਨੇ ਫ਼ਰੀਦਕੋਟ ਸਿੱਖ ਰਿਆਸਤ ਬਾਰੇ ਹਾਲ ਹੀ ਵਿੱਚ ਸਿੱਖ ਰਿਆਸਤ ਦੀ ਭਵਨ ਕਲਾ ਬਾਰੇ ਕਿਤਾਬ ਲਿਖੀ ਹੈ ਜਿਸ ਨੂੰ ਆਰੀਅਨ ਪਬਲੀਕੇਸ਼ਨ ਵੱਲੋਂ ਛਾਪਿਆ ਗਿਆ ਹੈ। ਇਸ ਕਿਤਾਬ ਦੇ ਛਪਣ ਨਾਲ ਫ਼ਰੀਦਕੋਟ ਵਿੱਚ ਪਏ ਸਿੱਖ ਰਿਆਸਤ ਦੇ ਅਮੀਰ ਵਿਰਸੇ ਨੂੰ ਜਾਣਨ ਦਾ ਦੁਨੀਆਂ ਨੂੰ ਮੌਕਾ ਮਿਲਿਆ ਹੈ। ਫ਼ਰੀਦਕੋਟ ਰਿਆਸਤ ਵਿੱਚ ਬਣਾਏ ਸਵਾਗਤੀ ਦਰਵਾਜੇ ਦੁਨੀਆਂ ਦੇ ਸਭ ਤੋਂ ਉੱਤਮ ਭਵਨ ਨਮੂਨਿਆਂ ਦੀ ਮਿਸਾਲ ਪੇਸ਼ ਕਰਦੇ ਹਨ। ਇਸ ਸ਼ਹਿਰ ਵਿੱਚ ਬਾਬਾ ਫ਼ਰੀਦ ਜੀ ਦੀ ਫੇਰੀ ਨੇ ਇਸਦੀ ਵਿਰਾਸਤ ਨੂੰ ਦੁਨੀਆਂ ਭਰ ਵਿੱਚ ਮਕਬੂਲ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਬਾਬਾ ਫ਼ਰੀਦ ਦੀ ਯਾਦ ਵਿੱਚ ਬਣੇ ਟਿੱਲ੍ਹਾ ਬਾਬਾ ਫ਼ਰੀਦ ਵਿਖੇ ਦੁਨੀਆਂ ਭਰ ਤੋਂ ਬਾਬਾ ਫ਼ਰੀਦ ਜੀ ਦੇ ਸ਼ਰਧਾਲੂ ਇਥੇ ਆਉੇਂਦੇ ਹਨ ਅਤੇ ਉਹਨਾਂ ਦੀ ਯਾਦ ਵਿੱਚ ਹਰ ਸਾਲ 19 ਤੋਂ 23 ਸਤੰਬਰ ਤੱਕ ਪੰਜ ਰੋਜ਼ਾ ਆਗਮਨ ਪੁਰਬ ਮਨਾਇਆ ਜਾਂਦਾ ਹੈ। ਇਸ ਉਤਸਵ ਨੇ ਵੀ ਫ਼ਰੀਦਕੋਟ ਦੀ ਅਮੀਰ ਵਿਰਾਸਤ ਨੂੰ ਦੁਨੀਆਂ ਦੇ ਰੂ-ਬ-ਰੂ ਕੀਤਾ ਹੈ। ਪੰਜਾਬ ਸਰਕਾਰ ਨੇ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਵਿਰਾਸਤ ਮੇਲੇ ਦਾ ਦਰਜਾ ਦੇ ਦਿੱਤਾ ਹੈ।
ਵਿਰਾਸਤੀ ਰੁੱਖਾਂ ਦੀ ਬਲੀ:- ਚਸ਼ਮਦੀਦ ਦੱਸਦੇ ਹਨ ਕਿ ਫ਼ਰੀਦਕੋਟ ਰਿਆਸਤ ਦੀ ਹੱਦ ਉਸ ਦੇ ਰੁੱਖਾਂ ਤੋਂ ਪਹਿਚਾਣੀ ਜਾਂਦੀ ਸੀ। ਜਿੱਥੋਂ ਤੱਕ ਵੀ ਫ਼ਰੀਦਕੋਟ ਰਿਆਸਤ ਦਾ ਰਾਜ ਭਾਗ ਸੀ, ਉੱਥੋਂ ਤੱਕ ਫ਼ਰੀਦਕੋਟ ਦੇ ਰਾਜੇ ਵੱਲੋਂ ਟਾਹਲੀਆਂ, ਅੰਬ ਅਤੇ ਜਾਮਣ ਦੇ ਬਾਗ਼ ਲਗਵਾਏ ਗਏ ਸਨ। ਫ਼ਰੀਦਕੋਟ ਰਿਆਸਤ ਵਿੱਚ ਘੁਗਿਆਣਾ ਅਤੇ ਸਿੱਖਾਂਵਾਲੇ ਦਾ ਬੀੜ ਵੀ ਸ਼ਾਮਿਲ ਸੀ ਜਿੱਥੇ ਹੁਣ ਕੋਈ ਰੁੱਖ ਨਹੀਂ ਬਚਿਆ ਅਤੇ ਰਿਆਸਤ ਦੇ ਸਾਰੇ ਜੰਗਲ ਵਿੱਚ ਪਹਾੜੀ ਕਿੱਕਰ ਹੀ ਬਾਕੀ ਰਹਿ ਗਏ ਹਨ।
ਚਸ਼ਮਦੀਦਾਂ ਦੀ ਜੁਬਾਨੀ:- ਬ੍ਰਿਟਿਸ਼ ਸਰਕਾਰ ਆਜ਼ਾਦ ਭਾਰਤ ਅਤੇ ਰਿਆਸਤ ਦਾ ਰਾਜਭਾਗ ਆਪਣੇ ਅੱਖੀਂ ਦੇਖਣ ਵਾਲੇ 90 ਸਾਲ ਬਜ਼ੁਰਗ ਵਕੀਲ ਦੇਵ ਕੁਮਾਰ ਬੇਦੀ ਨੇ ਦੱਸਿਆ ਕਿ ਫ਼ਰੀਦਕੋਟ ਰਿਆਸਤ ਸਮੇਂ ਅਨੁਸ਼ਾਸ਼ਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਸੀ ਅਤੇ ਲੋਕਾਂ ਨੂੰ ਪਹਿਲ ਦੇ ਅਧਾਰ 'ਤੇ ਇਨਸਾਫ਼ ਦਿੱਤਾ ਜਾਂਦਾ ਸੀ। ਉਹਨਾਂ ਕਿਹਾ ਕਿ ਰਿਆਸਤ ਦੇ ਕਿਸਾਨਾਂ, ਮਜ਼ਦੂਰਾਂ ਅਤੇ ਕਾਮਿਆਂ ਨੂੰ ਵਿਸ਼ੇਸ਼ ਸਤਿਕਾਰ ਪ੍ਰਾਪਤ ਸੀ। ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਵਰਗੀ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ ਸੀ। ਉਹਨਾਂ ਕਿਹਾ ਕਿ ਫ਼ਰੀਦਕੋਟ ਦੇ ਰਾਜੇ ਦਿਆਲੂ ਅਤੇ ਪੜ੍ਹੇ-ਲਿਖੇ ਅਗਾਂਹ ਵਧੂ ਸ਼ਾਸ਼ਕ ਸਨ।
ਸ਼ਾਹੀ ਸਮਾਧਾਂ:- ਫ਼ਰੀਦਕੋਟ ਰਿਆਸਤ ਦੇ ਪਹਿਲੇ ਰਾਜਾ ਪਹਾੜਾ ਸਿੰਘ ਤੋਂ ਲੈ ਕੇ ਆਖਰੀ ਰਾਜਾ ਹਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਗਿਆ ਸੀ। ਸ਼ਾਹੀ ਪਰਿਵਾਰ ਦੇ ਕਬਰਸਤਾਨ ਨੂੰ ਸ਼ਾਹੀ ਸਮਾਧਾਂ ਦਾ ਨਾਮ ਦਿੱਤਾ ਗਿਆ ਹੈ।
ਸ਼ਾਹੀ ਪਰਿਵਾਰ ਦੀਆਂ ਸਮਾਧਾਂ ਵਾਲੀ ਵਿਸ਼ਾਲ ਇਮਾਰਤ ਦੀ ਦਿੱਖ ਵੀ ਰਿਆਸਤ ਦੀ ਸ਼ਾਹੀ ਠਾਠ ਬਿਆਨ ਕਰਦੀ ਹੈ।
7 ਅਗਸਤ 1972 ਨੂੰ ਫਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਜ਼ਿਲਾ ਬਣਾਇਆ ਗਿਆ । ਫਿਰ ਨਵੰਬਰ 1995 ਵਿੱਚ ਫਰੀਦਕੋਟ ਜ਼ਿਲੇ ਵਿਚੋਂ ਮੋਗਾ ਅਤੇ ਸ਼੍ਰੀ ਮੁਕਤਸਰ ਸਾਹਿਬ ਅਲੱਗ ਨਵੇਂ ਜ਼ਿਲੇ ਬਣਾ ਦਿੱਤੇ ਗਏ ਜਿਸ ਕਾਰਣ ਫਰੀਦਕੋਟ ਜ਼ਿਲੇ ਦਾ ਖੇਤਰ ਕਾਫੀ ਘਟ ਗਿਆ। ਇਸਦਾ ਕੁੱਲ ਖੇਤਰਫਲ 1475.60 ਵਰਗ ਕਿਲੋਮੀਟਰ ਹੈ। ਇਸ ਜ਼ਿਲੇ ਵਿੱਚ ਇੱਕ ਲੋਕ ਸਭਾ ਦੀ ਸੀਟ ਅਤੇ ਕੁੱਲ ਤਿੰਨ ਅਸੈਂਬਲੀ ਸੀਟਾਂ ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਹਨ। ਫਰੀਦਕੋਟ ਵਿਖੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੀ ਬਣੀ ਹੋਈ ਹੈ ਜਿੱਥੇ ਡਾਕਟਰੀ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ। ਸਿੱਖਿਆ ਦੇ ਖੇਤਰ ਪੱਖੋਂ ਫਰੀਦਕੋਟ ਹੁਣ ਕਾਫੀ ਤਰੱਕੀ ਕਰ ਚੁੱਕਾ ਹੈ। ਮੇਰੀ ਦਿਲੋਂ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਸ਼ੇਖ ਫਰੀਦ ਜੀ ਦੀ ਚਰਨ ਸ਼ੋ ਪ੍ਰਾਪਤ ਇਹ ਧਰਤੀ ਅਤੇ ਸਮੁੱਚਾ ਜ਼ਿਲਾ ਹੋਰ ਤਰੱਕੀ ਕਰੇ ਅਤੇ ਇਥੋਂ ਦੇ ਲੋਕਾਂ ਵਿੱਚ ਪਿਆਰ,ਨਿਮਰਤਾ, ਮਿਲਵਰਤਨ, ਭਾਈਚਾਰਾ, ਸ਼ਹਿਨਸ਼ੀਲਤਾ ਆਦਿ ਗੁਣ ਘਰ ਕਰ ਜਾਣ ।
ਲੇਖਕ : ਪ੍ਰਮੋਦ ਧੀਰ ਜੈਤੋ
ਪਤਾ: ਤਾਰੀ ਵਾਲੀ ਗਲੀ ਜੈਤੋ
ਫੋਨ ਨੰਬਰ: 98550-31081